ਦਿਹਾੜੇ ਲੰਘ ਗਏ,
ਚੈਨ ਨਹੀਂ ਆਇਆ।
ਸੱਜਣ ਮੇਰਾ,
ਕੁਝ ਕਹਿਣ ਨਹੀਂ ਆਇਆ।
ਅਸਾਂ ਦੀਦਾਂ ਦੇ ਆਸ਼ਿਕ,
ਆਸਾਂ ਲਈਏ।
ਵਿਉਂਤ ਪਏ ਹਾਂ ਕਰਦੇ,
ਪਾਸ ਬਹਿ ਜਾਈਏ।
ਬੜੇ ਚਿਰਾਂ ਤੋਂ,
ਬਹਿਣ ਵੀ ਨਹੀਂ ਆਇਆ।
ਸੱਜਣ ਮੇਰਾ,
ਕੁਝ ਕਹਿਣ ਨਹੀਂ ਆਇਆ।
ਹੌਕੇ ਹਾਂ ਭਰਦੇ,
ਦਿਲਾਂ ਚ ਠੇਸ ਏ।
ਦਿਨਾਂ ਤੋਂ ਨਾ ਸੁੱਤੇ,
ਉਜੜਿਆ ਭੇਸ ਏ।
ਉਡੀਕਦੇ ਥੱਕ ਗਏ,
ਅੱਡਿਓਂ ਲੈਣ ਨਹੀਂ ਆਇਆ।
ਸੱਜਣ ਮੇਰਾ,
ਕੁਝ ਕਹਿਣ ਨਹੀਂ ਆਇਆ।
ਝੂਠੇ ਵਾਦੇ,
ਝੂਠੀਆਂ ਕਸਮਾਂ।
ਝੂਠੇ ਲਾਰੇ,
ਝੂਠੀਆਂ ਰਸਮਾਂ।
ਅਸਾਂ ਥਾਂ ਦਿੱਤੀ ਰੂਹਾਂ 'ਚ,
ਚੰਦਰਾ ਰਹਿਣ ਨਹੀਂ ਆਇਆ।
ਸੱਜਣ ਮੇਰਾ,
ਕੁਝ ਕਹਿਣ ਨਹੀਂ ਆਇਆ।
ਆਸ਼ਿਕ ਕੌਮ
ਦਿਲਦਾਰਾਂ ਦੀ।
ਟੁੱਟ-ਟੁੱਟ ਜੁੜੇ
ਫ਼ਨਕਾਰਾਂ ਦੀ।
ਪਰ ਐਨਾ ਬਖੇੜਾ
ਸਾਨੂੰ ਸਹਿਣ ਨਹੀਂ ਆਇਆ।
ਸੱਜਣ ਮੇਰਾ,
ਕੁਝ ਕਹਿਣ ਨਹੀਂ ਆਇਆ।
ਉਮੀਦ ਹਾਂ ਕਰਦੇ,
ਘਰ ਆਵੇ ਸਾਡੇ।
ਪਾਸ ਬੈਠ,
ਰੰਗ ਲਾਵੇ ਡਾਢੇ।
ਦਿਲ-ਹਾਰਿਆ ਮੁੜ
ਦਿਲਦਾਰ ਕਹਾਵੇ।
ਹਿਜਰ ਮੁਕਾਵੇ,
ਮੁੜ ਵਸਲ ਲਿਆਵੇ।
ਪੁੱਛ ਰਾਹੀਆਂ ਨੂੰ ਕਲਤਾਜ਼,
ਹੁਣ ਜਿੰਦ ਜਾਵੇ ਮੁੱਕੀ।
ਨੈਣ ਨੇ ਤਰਸਦੇ,
ਬਲ ਜਾਵੇ ਸੁੱਕੀ।
ਦਿਹਾੜੇ ਲੰਘ ਗਏ,
ਚੈਨ ਨਹੀਂ ਆਇਆ।
ਸੱਜਣ ਮੇਰਾ,
ਕੁਝ ਕਹਿਣ ਨਹੀਂ ਆਇਆ।